ਹਰ ਦਿਨ ਵਧਦਾ ਟ੍ਰੈਫਿਕ ਆਮ ਲੋਕਾਂ ਲਈ ਇਕ ਵੱਡੀ ਮੁਸ਼ਕਲ ਖੜੀ ਕਰ ਰਿਹਾ ਹੈ। ਲੋਕਾਂ ਨੂੰ ਭੀੜਭਾੜ ਵਾਲੇ ਰਸਤਿਆਂ ‘ਚ ਵੱਡੇ ਵਾਹਨਾਂ ਨੂੰ ਲੈ ਕੇ ਚਲਣਾ ਮੁਸ਼ਕਲ ਹੋ ਰਿਹਾ ਹੈ। ਇਸ ਟ੍ਰੈਫਿਕ ਦੀ ਮੁਸ਼ਕਲ ਨੂੰ ਲੈ ਕੇ ਸੰਗਰੂਰ ਦੇ ਛੋਟੇ ਜਿਹੇ ਪਿੰਡ ਬਖੋਪੀਰ ਦੇ 21 ਸਾਲ ਦੇ ਜਸਵੀਰ ਸਿੰਘ ਨੇ ਇਕ ਛੋਟੀ ਕਾਰ ਬਨਾਉਣ ਦੀ ਯੋਜਨਾ ਬਣਾਈ।

ਇਕ ਅਜਿਹੀ ਕਾਰ ਜਿਸ ‘ਚ 5 ਤੋਂ 6 ਲੋਕ ਬੈਠ ਸਕਣ, ਜੋ ਆਕਾਰ ‘ਚ ਦੂਜੀਆਂ ਕਾਰਾਂ ਨਾਲੋ ਛੋਟੀ ਹੋਵੇ ਪਰ ਤੰਗ ਰਸਤਿਆਂ ‘ਤੇ ਵੀ ਆਸਾਨੀ ਨਾਲ ਚਲ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਜਸਵੀਰ ਨੇ ਸਿਰਫ 60 ਹਜ਼ਾਰ ਰੁਪਏ ਦੀ ਕੀਮਤ ‘ਚ ਆਪਣੇ ਸੁਪਨਿਆਂ ਦੀ ਕਾਰ ਬਣਾ ਲਈ। ਜਸਵੀਰ ਦੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਸ ਦੀਆਂ ਇੱਛਾਵਾਂ ਪੂਰੀਆਂ ਹੋਣ ‘ਚ ਕਈ ਮੁਸ਼ਕਲਾਂ ਆਉਂਦੀਆਂ ਹਨ।

ਜੇਕਰ ਗੱਲ ਕੀਤੀ ਜਾਵੇ ਜਸਵੀਰ ਵਲੋਂ ਬਣਾਈ ਕਾਰ ਦੀ ਤਾਂ ਇਸ ਕਾਰ ‘ਚ 6 ਲੋਕ ਬੜੇ ਹੀ ਆਰਾਮ ਨਾਲ ਬੈਠ ਸਕਦੇ ਹਨ। ਜਸਵੀਰ ਨੇ ਪਹਿਲਾਂ ਇਕ ਛੋਟਾ ਟਰੈਕਟਰ ਬਣਾਇਆ ਸੀ, ਜਿਸ ਨੂੰ ਸਕੂਟਰ ਦੇ ਇੰਜਨ ਤੋਂ ਬਣਾਇਆ ਗਿਆ ਸੀ, ਜਿਸ ‘ਤੇ 50 ਹਜ਼ਾਰ ਰੁਪਏ ਦਾ ਖਰਚ ਆਇਆ ਸੀ ਤੇ ਹੁਣ ਇਹ ਛੋਟੀ ਕਾਰ ਵੀ ਸਿਰਫ 60 ਹਜ਼ਾਰ ‘ਚ ਬਣਾ ਦਿੱਤੀ ਹੈ। ਜਿਸ ‘ਚ 800 ਸੀ.ਸੀ. ਦਾ ਮਾਰੂਤੀ ਕਾਰ ਦਾ ਇੰਜਨ ਫਿਟ ਕੀਤਾ ਹੈ ਤੇ ਕਾਰ ਡਿਜ਼ਾਇਨ ਜਸਵੀਰ ਨੇ ਆਪ ਡਿਜ਼ਾਇਨ ਕੀਤਾ ਹੈ, ਜਿਸ ਨੂੰ ਸੰਗਰੂਰ ਦੇ ਇਕ ਨਿਜੀ ਕਾਲਜ ਨੇ ਸਪਾਨਸਰ ਕੀਤਾ ਹੈ।

ਜਸਵੀਰ ਸਿੰਘ ਦਾ ਪਰਿਵਾਰ ਆਰਥਿਕ ਪੱਖੋ ਗਰੀਬ ਹੈ, ਜਿਸ ਕੋਲ ਆਪਣੇ ਇਸ ਹੁਨਰ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਪੈਸੇ ਨਹੀਂ ਹਨ, ਉਸ ਦੀ ਇੱਛਾ ਹੈ ਕਿ ਜੇਕਰ ਸਰਕਾਰ ਜਾ ਕੋਈ ਹੋਰ ਸੰਸਥਾ ਉਸ ਦੀ ਮਦਦ ਕਰੇ ਤਾਂ ਆਪਣੇ ਦੇਸ਼ ਲਈ ਕੁਝ ਅਜਿਹਾ ਕਰਨਾ ਚਾਹੁੰਦਾ ਹੈ, ਜਿਸ ਨਾਲ ਗਰੀਬ ਲੋਕਾਂ ਨੂੰ ਫਾਇਦਾ ਮਿਲੇ। ਜਸਬੀਰ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਬਚਪਨ ਤੋਂ ਟਰੈਕਟਰ ਦਾ ਸ਼ੌਂਕ ਸੀ ਤੇ ਉਸ ਨੇ ਸਕੂਟਰ ਦੇ ਇੰਜਨ ਤੋਂ ਟਰੈਕਟਰ ਬਣਾ ਦਿੱਤਾ ਤੇ ਹੁਣ ਇਸ ਨੇ ਇਹ ਕਾਰ ਤਿਆਰ ਕੀਤੀ ਹੈ। ਉਨ੍ਹਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ‘ਤੇ ਮਾਣ ਮਹਿਸੂਸ ਹੁੰਦਾ ਹੈ ਜਦ ਲੋਕ ਖੜ੍ਹ ਕੇ ਉਸ ਦੇ ਪੁੱਤਰ ਵਲੋਂ ਬਣਾਈ ਕਾਰ ਨੂੰ ਦੇਖਦੇ ਹਨ।

LEAVE A REPLY

Please enter your comment!
Please enter your name here