ਹਨੀਪ੍ਰੀਤ ਨਹੀਂ ਖੋਲ੍ਹ ਰਹੀ ਜ਼ੁਬਾਨ, ਨਾਰਕੋ ਟੈਸਟ ਦੀ ਤਿਆਰੀ

ਨਵੀਂ ਦਿੱਲੀ: ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਕੋਲੋਂ ਪੁਲਿਸ ਜਲਦੀ ਤੋਂ ਜਲਦੀ ਸਾਰੇ ਰਾਜ਼ ਉਗਲਵਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਹਰਿਆਣਾ ਪੁਲਿਸ ਸੱਚ ਜਾਣਨ ਲਈ ਹਨੀਪ੍ਰੀਤ ਦਾ ਨਾਰਕੋ ਟੈਸਟ ਕਰਵਾ ਸਕਦੀ ਹੈ। ਇਸ ਲਈ ਪੁਲਿਸ ਕੋਰਟ ਵਿੱਚ ਅਰਜ਼ੀ ਦਾਇਰ ਕਾਰਨ ‘ਤੇ ਵਿਚਾਰ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਹਨੀਪ੍ਰੀਤ ਕੋਲੋਂ ਕਈ ਅਹਿਮ ਸੁਰਾਗ ਮਿਲ ਸਕਦੇ ਹਨ ਤੇ ਹਾਲੇ ਉਹ ਕਈ ਗੱਲਾਂ ਲੁਕਾ ਰਹੀ ਹੈ।

ਪੁਲਿਸ ਹਨੀਪ੍ਰੀਤ ਤੇ ਉਸ ਦੀ ਸਾਥਣ ਸੁਖਦੀਪ ਨੂੰ ਪੰਚਕੂਲਾ ਤੋਂ ਬਠਿੰਡਾ ਲੈ ਕੇ ਗਈ ਹੈ। ਪੁਲਿਸ ਉਨ੍ਹਾਂ ਸਾਰੇ ਲੋਕਾਂ ‘ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ ਜਿਨ੍ਹਾਂ ਨੇ ਹਨੀਪ੍ਰੀਤ ਨੂੰ ਪਨਾਹ ਦਿੱਤੀ ਸੀ। ਬਠਿੰਡਾ ਵਿੱਚ ਪੁਲਿਸ ਹਨੀਪ੍ਰੀਤ ਕੋਲੋਂ ਉਸ ਦੇ ਟਿਕਾਣਿਆਂ ਦੀ ਨਿਸ਼ਾਨਦੇਹੀ ਕਰਾਏਗੀ। ਪੁਲਿਸ ਪਤਾ ਲਾਵੇਗੀ ਕਿ ਜਿਸ ਦੌਰਾਨ ਹਨੀਪ੍ਰੀਤ ਫਰਾਰ ਸੀ, ਉਹ ਕਿੱਥੇ-ਕਿੱਥੇ ਰੁਕੀ ਸੀ। ਕਿਹਾ ਜਾ ਰਿਹਾ ਹੈ ਕਿ ਹਨੀਪ੍ਰੀਤ ਬਠਿੰਡਾ ਵਿੱਚ ਸੁਖਦੀਪ ਦੇ ਘਰ ਰੁਕੀ ਸੀ।

ਅੱਜ ਸਵੇਰੇ ਪੁਲਿਸ ਹਨੀਪ੍ਰੀਤ ਤੇ ਉਸ ਦੀ ਸਾਥਣ ਸੁਖਦੀਪ ਨੂੰ ਪਹਿਲਾਂ ਪੰਚਕੂਲਾ ਦੇ ਸੈਕਟਰ 23 ਥਾਣੇ ਤੋਂ ਕੱਢ ਕੇ ਸੈਕਟਰ 20 ਲੈ ਗਈ। ਇਸ ਤੋਂ ਬਾਅਦ ਸੈਕਟਰ 20 ਤੋਂ ਵੀ ਪੁਲਿਸ ਹਨੀਪ੍ਰੀਤ ਤੇ ਸੁਖਦੀਪ ਨੂੰ ਬੱਸ ਵਿੱਚ ਬਿਠਾ ਕੇ ਬਠਿੰਡਾ ਵੱਲ ਨਿਕਲੀ। ਰਸਤੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਇੱਕ ਥਾਣੇ ਵਿੱਚ ਵੀ ਪੁਲਿਸ ਰੁਕੀ। ਮਾਮਲੇ ਵਿਚ ਜਾਂਚ ਅਧਿਕਾਰੀ ਮਮਤਾ ਸਿੰਘ ਨੇ ‘ਏਬੀਪੀ ਨਿਊਜ਼’ ਨੂੰ ਕਿਹਾ ਕਿ ਪੁੱਛਗਿੱਛ ਵਿੱਚ ਹਨੀਪ੍ਰੀਤ ਕੋਲੋਂ ਮਹੱਤਵਪੂਰਨ ਸੁਰਾਗ ਮਿਲੇ ਹਨ। ਜਾਂਚ ਜਾਰੀ ਹੈ ਤੇ ਜਲਦ ਹੀ ਹਨੀਪ੍ਰੀਤ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਹਨੀਪ੍ਰੀਤ ਨੂੰ ਕੱਲ੍ਹ ਪੁਲਿਸ ਨੇ ਪੰਚਕੂਲਾ ਕੋਰਟ ਵਿੱਚ ਪੇਸ਼ ਕੀਤਾ ਸੀ। ਕੋਰਟ ਤੋਂ ਪੁਲਿਸ ਨੂੰ 6 ਦਿਨ ਦਾ ਰਿਮਾਂਡ ਮਿਲਿਆ ਹੈ। 39 ਦਿਨ ਤੋਂ ਫਰਾਰ ਹਨੀਪ੍ਰੀਤ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮੀਡੀਆ ਵਿੱਚ ਉਸ ਦਾ ਇੰਟਰਵਿਊ ਆਇਆ ਸੀ। ਹਨੀਪ੍ਰੀਤ ਦੇ ਵਕੀਲ ਪ੍ਰਦੀਪ ਆਰੀਆ ਨੇ ਕਿਹਾ ਕਿ ਪੁਲਿਸ ਨੇ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਅਸੀਂ ਇਸ ਦਾ ਵਿਰੋਧ ਕੀਤਾ। ਕੋਰਟ ਨੇ ਸਿਰਫ 6 ਦਿਨ ਦਾ ਹੀ ਰਿਮਾਂਡ ਦਿੱਤਾ ਹੈ। ਪੁਲਿਸ ਨੇ ਰਿਮਾਂਡ ਲਈ ਕੋਈ ਖਾਸ ਕਾਰਨ ਨਹੀਂ ਦੱਸਿਆ।

LEAVE A REPLY

Please enter your comment!
Please enter your name here