ਜੇਹੜੇ ਸੱਜਣ ਅਖੰਡ ਪਾਠ ਸਮੇਂ ਕੁੰਭ ਨਾਰੀਅਲ ਜੋਤ ਆਦਿ ਰੱਖਣ ਦੀ ਪਰੇਰਨਾ ਦੇਂਦੇ ਹੋਏ, ਇਸ ਨੂੰ ਪੁਰਾਤਨ ਮਰਯਾਦਾ ਦਾ ਨਾਉਂ ਦੇ ਕੇ ਇਸ ਦਾ ਪਰਚਾਰ ਕਰਦੇ ਹਨ ਉਹ ਕਿੰਨਾ ਕੁ ਅਤੇ ਕਿਹੋ ਜੇਹਾ ਗੁਰਮਤ ਦੇ ਪਰਚਾਰ ਵਿੱਚ ਯੋਗਦਾਨ ਪਾ ਰਹੇ ਹਨ। ਖ਼ਾਲਸਾ ਪੰਥ ਨੂੰ ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ।

ਦਸਮੇਸ਼ ਪਾਤਸ਼ਾਹ ਜੀ ਦੇ ਇਨ੍ਹਾਂ ਬਚਨਾਂ “ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਓ ਮੈਂ ਸਾਰਾ॥ ਜਬ ਇਹ ਗਹੈ ਬਿਪ੍ਰਨ ਕੀ ਰੀਤ। ਮੈ ਨਾ ਕਰੋਂ ਇਨ ਕੀ ਪ੍ਰਤੀਤ॥” ਨੂੰ ਕੇਵਲ ਪੜ੍ਹਨ ਸੁਣਨ ਤੱਕ ਹੀ ਸੀਮਤ ਨਾ ਰੱਖੀਏ ਬਲਕਿ ਇਨ੍ਹਾਂ ਨੂੰ ਅਮਲੀ ਜਾਮਾ ਪਹਿਣਾ ਕੇ ਸਤਿਗੁਰੂ ਜੀ ਦੇ ਖ਼ਾਲਸੇ ਨੂੰ ਬਖ਼ਸ਼ੇ ਨਿਆਰੇ ਆਚਰਣ ਵਾਲੇ ਸਿਧਾਂਤ ਨੂੰ ਅਪਣਾ ਕੇ ਗੁਰੂ ਕਿਰਪਾ ਦਾ ਪਾਤਰ ਬਣੀਏ।

ਅਖੰਡ ਪਾਠ ਕਰਨ ਵੇਲੇ ਵੇਖਿਆ ਜਾਂਦਾ ਹੈ ਕਿ ਪਾਠ ਕਰਨ ਵਾਲੀ ਥਾਂ ਤੇ ਇੱਕ ਜਲ ਦਾ ਭਰਿਆ ਹੋਇਆ ਕੋਰਾ ਘੜਾ ਰਖਿਆ ਹੁੰਦਾ ਹੈ। ਘੜੇ ਦੇ ਉਤੇ ਲਾਲ ਰੰਗ ਦੇ ਕਪੜੇ ਵਿੱਚ ਇੱਕ ਨਰੇਲ ਰਖੀ ਹੁੰਦੀ ਹੈ। ਪਾਣੀ ਦੇ ਘੜੇ ਹੇਠਾਂ ਕਈ ਪ੍ਰਕਾਰ ਦਾ ਅੰਨ ਹੁੰਦਾ ਹੈ। ਨਾਲ ਹੀ ਇੱਕ ਪਾਸੇ ਖਾਲਸ ਘਿਓ ਦੀ ਜੋਤ ਜਲਦੀ ਹੁੰਦੀ ਹੈ। ਇੱਕ ਪਾਸੇ ਕੋਲੇ ਲਕੜ ਦੇ ਜਲਦੇ ਹੁੰਦੇ ਹਨ ਤੇ ਉਹਨਾਂ ਉੱਤੇ ਉਚੇਚਾ ਤਿਆਰ ਕੀਤਾ ਹੋਇਆ ਧੂਪ ਦਿੱਤਾ ਜਾ ਰਿਹਾ ਹੁੰਦਾ ਹੈ। ……

ਗੁਰਬਾਣੀ ਦੀ ਵਿਚਾਰ ਗੁਰੂ ਕ੍ਰਿਪਾ ਦੁਆਰਾ ਜਦ ਖੋਜ ਨਾਲ ਕੀਤੀ ਤਦ ਦਾਸ ਨੇ ਪੁਛ ਕੀਤੀ ਕਿ ਇਹ ਚੀਜ਼ਾਂ ਕਿਉਂ ਰਖੀਆਂ ਜਾਂਦੀਆਂ ਹਨ? ਉਤਰ ਵਿੱਚ ਦਸਿਆ ਗਿਆ ਕਿ ਗੁਰੂ ਘਰ ਦੀ ਮਰਯਾਦਾ ਚਲੀ ਆ ਰਹੀ ਹੈ ਤੇ ਕਰਨੀ ਅਵੱਸ਼ ਹੈ। ਪਰ ਇਸ ਉਤਰ ਨਾਲ ਸੰਤੁਸ਼ਟਾ ਨਹੀਂ ਹੋਈ।

ਦੇਸ਼ ਦੇ ਬਟਵਾਰੇ ਮਗਰੋਂ ਅੰਨ ਜਲ ਬਾੜੀ ਲੈ ਆਇਆ। ਇਥੇ ਆਉਂਦੇ ਹੀ ਵੇਖਿਆ ਕਿ ਹਨੂੰਮਾਨ ਦੇ ਮੰਦਰ ਵਿੱਚ ਰਮਾਇਣ ਦਾ ਅਖੰਡ ਪਾਠ ਰਖਿਆ ਹੋਇਆ ਹੈ। ਸੱਦਾ ਪੱਤਰ ਪੁਜਣ ਤੇ ਦਾਸ ਵੀ ਉਸ ਸਮਾਗਮ ਤੇ ਪੁੱਜਾ। ਕੀ ਵੇਖਦਾ ਹੈ ਕਿ ਹੂਬਹੂ ਅੰਖਡ ਪਾਠ (ਰਮਾਇਣ ਦਾ) ਹੋਣ ਵਾਲੀ ਥਾਂ ਤੇ ਸਾਰੀਆਂ ਚੀਜ਼ਾਂ ਕੁੰਭ, ਲਾਲ ਕਪੜੇ ਨਾਲ ਲਿਪਟਿਆ ਨਰੇਲ, ਘਿਓ ਦੀ ਜੋਤ ਕੋਇਲਿਆਂ ਦੀ ਅੱਗ ਤੇ ਧੂਪ, ਜਲ ਦੇ ਕੁੰਭ ਹੇਠਾਂ ਸਤ ਪ੍ਰਕਾਰ ਦਾ ਅਨਾਜ ਪਿਆ ਹੈ। ਸ਼੍ਰੋਮਣ ਪੁਜਾਰੀ ਜੀ ਨੂੰ ਪੁਛ ਕੀਤੀ ਤਾਂ ਉਨ੍ਹਾਂ ਘੁਡੀ ਖੋਲ੍ਹੀ। ਆਖਣ ਲਗੇ ਕਿ ਇਹ ਦੇਵਤੇ ਬਿਠਾਏ ਹੋਏ ਹਨ। ਕੁੰਭ ਦੇ ਹੇਠਾਂ ਕਈ ਪ੍ਰਕਾਰ ਦਾ ਅਨਾਜ ਰਖਣਾ, ਅੰਨ ਦੇਵਤੇ ਦੀ ਪੂਜਾ ਹੈ। ਜੋਤ ਜਲਾਉਣੀ ਅਗਨ ਦੇਵਤਾ ਦੀ ਪੂਜਾ ਹੈ। ਲਾਲ ਰੰਗ ਦਾ ਕਪੜਾ ਰਖਣਾ ਦੇਵੀ ਦੀ ਪੂਜਾ ਹੈ ਤੇ ਨਰੇਲ ਗਨੇਸ਼ ਦੇਵਤਾ ਦੀ ਪੂਜਾ ਹੈ। ਫਿਰ ਪ੍ਰਮੁੱਖ ਪੰਡਤ ਜੀ ਆਖਣ ਲਗੇ ਕਿ ਇਹ ਮਰਯਾਦਾ ਅਪਰੰਪਰਾ ਤੋਂ ਟੁਰੀ ਆ ਰਹੀ ਹੈ। ਦਾਸ ਨੇ ਇਹ ਉਤਲਾ ਦ੍ਰਿਸ਼ ਦੇਖ ਕੇ ਤੇ ਪੰਡਤ ਦੇ ਬਚਨ ਸੁਣ ਕੇ ਇਹ ਸਿੱਟਾ ਕਢਿਆ, ਕਿ ਸਾਡੇ ਅਖੰਡ ਪਾਠਾਂ ਵਿੱਚ ਇਨ੍ਹਾਂ ਚੀਜ਼ਾਂ ਦੇ ਰਖਣ ਦੀ ਮਰਯਾਦਾ ਇਸ ਹਿੰਦੂ ਰੀਤੀ ਤੋਂ ਆਈ ਹੈ। ਨਿਸਾ ਹੋ ਗਈ, ਇਹ ਦੇਵਤਿਆਂ ਦੀ ਪੂਜਾ ਹੈ।

LEAVE A REPLY