ਵਿਸ਼ਵ ਰਿਕਾਰਡ ਬਣਾ ਚੁੱਕੇ ਦੁਨੀਆਂ ‘ਚ ਸਭ ਤੋਂ ਲੰਮੀ ਦਾਹੜੀ ਵਾਲੇ ਇਨਸਾਨ-ਭਾਈ ਸਰਵਣ ਸਿੰਘ ਜੀ।ਕੇਸਾਂ ਨੂੰ ਭਾਰ ਸਮਝਣ ਵਾਲੇ ਵੀਰਾਂ ਨੂੰ ਭਾਈ ਸਹਿਬ ਤੋਂ ਸਿੱਖਣਾ ਚਾਹੀਦਾ ਜੋ ਆਪਣੀ 8.25 ਫੁੱਟ ਲੰਮੀ ਦਾਹੜੀ ਨੂੰ ਏਨੇ ਪਿਆਰ ਨਾਲ ਸਾਂਭ ਕੇ ਰੱਖਦੇ ਹਨ।ਭਾਈ ਸਾਹਿਬ ਦਾ ਜਨਮ ਪਿੰਡ ਭੂਰਾ ਜਿਲ੍ਹਾ ਤਰਨ ਤਾਰਨ ‘ਚ ਹੋਇਆ। ਆਪ ਜੀ ਨੇ ਦਰਬਾਰ ਸਾਹਿਬ ਤਰਨ ਤਾਰਨ ਵਿਖੇ 14 ਸਾਲ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾਈ ਅਤੇ ਆਪ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਵੀ ਰਹੇ।

2008 ਤੋਂ ਲੈ ਕੇ ਭਾਈ ਸਰਵਣ ਸਿੰਘ ਜੀ ਦਾ ਨਾਮ Guinness Book of World Record ਵਿੱਚ ਦਰਜ ਹੈ।ਇਸ ਵਕਤ ਆਪ ਜੀ ਕਨੇਡਾ ਦੇ ਸਰੀ ਸ਼ਹਿਰ ਵਿੱਚ ਪਿਛਲੇ 12 ਸਾਲਾਂ ਤੋਂ ਰਹਿ ਰਹੇ ਹਨ ਤੇ ਗੁਰਬਾਣੀ ਸੰਥਿਆ ਅਤੇ ਕੀਰਤਨ ਸਿਖਾਉਣ ਦੀ ਸੇਵਾ ਕਰ ਰਹੇ ਹਨ।ਕੁਜ ਸਾਲ ਪਹਿਲਾੰ ਭਾਈ ਸਾਹਿਬ ਨੂੰ ਸਿੰਗਾਪੁਰ ਦੀ ਸੰਗਤ ਨੇ ਬੁਲਾਇਆ ਸੀ ਤਾਂ ਦਰਸ਼ਨ ਹੋਏ ਸੀ।ਜਿੱਥੇ ਆਪ ਜੀ ਨੂੰ ਗੁਰੂ ਨੇ ਇਹ ਸੋਹਣਾ ਸਰੂਪ ਦਿੱਤਾ ਹੈ ਉੱਥੇ ਹੀ ਆਪ ਜੀ ਦਾ ਸੁਭਾਅ ਵੀ ਬਹੁਤ ਨਿੱਘਾ ਹੈ।ਹਰ ਇੱਕ ਨੂੰ ਬਹੁਤ ਪਿਆਰ ਨਾਲ ਮਿਲਦੇ ਹਨ,ਵਾਹਿਗੁਰੂ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

ਕੇਸ ਸਿੱਖ ਦੇ ਜੀਵਨ ਦਾ ਬਹੁਤ ਹੀ ਅਹਿਮ ਹਿੱਸਾ ਹਨ। ਅਗਰ ਅਸੀਂ ਆਪਣੇ ਇਤਿਹਾਸਕ ਵਿਰਸੇ ਤੇ ਝਾਤ ਮਾਰੀਏ ਤਾਂ ਪਤਾ ਪੈ ਜਾਵੇਗਾ ਕਿ ਕੇਸਾਂ ਵਾਸਤੇ ਸਿੱਖ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਸਨ ਕਰਦੇ। ਐਸੀਆਂ ਕਈ ਮਿਸਾਲਾਂ ਸਾਨੂੰ ਸਿੱਖ ਇਤਿਹਾਸ ’ਚ ਮਿਲ ਜਾਣਗੀਆਂ ਕਿ ਸਿੰਘਾਂ ਨੇ ਸੰਘਰਸ਼ ਦੇ ਦੌਰ ਵਿੱਚ ਅਗਰ ਕੇਸ ਜਾਂ ਜ਼ਿੰਦਗੀ ਵਿੱਚੋਂ ਕੋਈ ਇਕ ਚੀਜ਼ ਚੁਣਨ ਦੀ ਗਲ ਆਈ ਤਾਂ ਕੇਸ ਹੀ ਚੁਣੇ। ਭਾਈ ਤਾਰੂ ਸਿੰਘ ਜੀ ਸ਼ਹੀਦ ਨੂੰ ਜਦੋਂ ਜਕਰੀਯਾ ਖਾਨ ਨੇ ਉਹਨਾਂ ਦੇ ਕੇਸ ਕੱਟਣ ਦਾ ਹੁਕਮ ਸੁਣਾ ਦਿੱਤਾ ਉਦੋਂ ਭਾਈ ਤਾਰੂ ਸਿੰਘ ਨੇ ਰੰਬੀਆਂ ਨਾਲ ਆਪਣਾ ਖੋਪਰ ਲੁਹਾਉਣਾ ਮੰਜ਼ੂਰ ਕਰ ਲਿਆ ਅਤੇ ਮੌਤ ਨੂੰ ਜੱਫ਼ਾ ਪਾ ਲਿਆ ਪਰ ਕੇਸਾਂ ਨੂੰ ਕਤਲ ਨਹੀਂ ਹੋਣ ਦਿੱਤਾ। ਇਹ ਸਭ ਕੁਝ ਇਵੇਂ ਹੀ ਨਹੀਂ ਸੀ ਵਾਪਰਿਆ ਇਸ ਬਾਰੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪ ਸਪੱਸ਼ਟ ਤੌਰ ’ਤੇ ਸਿੱਖਾਂ ਨੂੰ ਹਿਦਾਇਤ ਦੇ ਦਿੱਤੀ ਸੀ ਕਿ ਸਿੱਖ ਕੇਸਾਂ ਦੀ ਸੰਭਾਲ ਜ਼ਰੂਰ ਕਰਨਗੇ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਹੁਕਮ ਕੀਤਾ ਸੀ ਕਿ ਹੁਣ ਤੋਂ ਕੇਸਾਂ ਦੀ ਸਾਰ ਸੰਭਾਲ ਜ਼ਰੂਰ ਕਰਨੀ ਹੈ। ਇਸ ਤੋਂ ਇਲਾਵਾ ਉਹਨਾ ਨੇ ਸਰੀਰ ਦੇ ਸਾਰੇ ਰੋਮਾਂ ਦੀ ਬੇਅਦਬੀ ਕਰਨ ਤੋਂ ਵਰਜਿਆ ਸੀ। ਇਹ ਕੇਸ ਵਾਹਿਗੁਰੂ ਦੀ ਪਛਾਣ ਇਨਸਾਨ ਵਿੱਚ ਕਰਵਾਉਂਦੇ ਹਨ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਆਪਣੇ ਸਿੱਖਾਂ ਨੂੰ ਸਿੰਘ ਬਨਾਉਣ ਦਾ ਫੈਸਲਾ ਕੀਤਾ ਉਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਇਸ ਆਦੇਸ਼ ’ਤੇ ਮੋਹਰ ਲਾਉਦਿਆਂ ਇਆਂ ਹੁਕਮ ਕੀਤਾ ਕਿ ਮੇਰਾ ਸਿੱਖ ਸਿਰਫ਼ ਕੇਸਾਧਾਰੀ ਹੀ ਹੋ ਸਕਦਾ ਹੈ ਅਤੇ ਕੇਸਾਂ ਤੋਂ ਬਗੈਰ ਸਿੱਖ ਨਹੀਂ ਹੋ ਸਕਦਾ। ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸਾਂ ਦੀ ਬੇਅਦਬੀ ਕਰਨ ਵਾਲੇ ਨੂੰ ਦਰਸ਼ਨ ਵੀ ਨਹੀਂ ਸਨ ਦੇਣਾ ਚਾਹੁੰਦੇ। ਕੇਸਾਂ ਦੀ ਸੰਭਾਲ ਵੀ ਉਹਨਾਂ ਨੇ ਹੀ ਪਰਪੱਕ ਕਰਵਾਈ ਅਤੇ ਹੁਕਮ ਕਰ ਦਿੱਤਾ ਕਿ ਸਿੱਖ ਘੱਟੋ-ਘੱਟ ਦੋ ਵਕਤ ਲੱਕੜ ਦਾ ਕੰਘਾ (ਜੋ ਕਿ ਪੰਜਾਂ ਕਕਾਰਾਂ ਵਿੱਚੋਂ ਇਕ ਹੈ) ਕੇਸਾਂ ਵਿੱਚ ਜ਼ਰੂਰ ਫੇਰੇਗਾ ਅਤੇ ਕੇਸਾਂ ਨੂੰ ਸਵਾਰ ਕੇ ਜੂੜਾ ਕਰੇਗਾ। ਲੱਕੜ ਦੇ ਕੰਘੇ ਦਾ ਇਹ ਗੁਣ ਹੈ ਕਿ ਇਹ ਜਦੋਂ ਵੀ ਕੇਸਾਂ ਵਿੱਚ ਫੇਰਿਆ ਜਾਂਦਾ ਹੈ ਤਾਂ ਇਸ ਦੇ ਨਾਲ ਕੇਸਾਂ ਵਿੱਚ ਕਰੰਟ ਪੈਦਾ ਹੁੰਦਾ ਹੈ ਜੋ ਕਿ ਤਤਕਾਲ ਸਾਰੇ ਸਰੀਰ ਵਿੱਚ ਫੈਲ ਜਾਂਦਾ ਹੈ ਅਤੇ ਸਰੀਰ ਵਿੱਚ ਊਰਜਾ ਵਧਾ ਦਿੰਦਾ ਹੈ। ਵੈਸੇ ਜਿਹੜੇ ਵੀ ਕਕਾਰ ਗੁਰੂ ਸਾਹਿਬ ਨੇ ਦਿੱਤੇ ਹਨ ਸਾਰਿਆਂ ਦਾ ਬਹੁਪੱਖੀ ਫਾਇਦਾ ਹੈ।

LEAVE A REPLY