Jamin Ghane Te Diti, Moter Cycle Dangar Sab Vech K Uhh Chdiya Jahaaj Canada

ਜਮੀਨ ਗਹਿਣੇ ਧਰ ਦਿੱਤੀ, ਮੋਟਰ ਸਾਈਕਲ ਡੰਗਰ ਵੱਛਾ ਸਭ ਕੁਝ ਵੇਚ ਕੇ ਉਹ ਜਹਾਜ ਚੜ੍ਹ ਕਨੇਡਾ

ਜਮੀਨ ਗਹਿਣੇ ਧਰ ਦਿੱਤੀ, ਮੋਟਰ ਸਾਈਕਲ ਡੰਗਰ ਵੱਛਾ ਸਭ ਕੁਝ ਵੇਚ ਕੇ ਉਹ ਜਹਾਜ ਚੜ੍ਹ ਕਨੇਡਾ

Jamin Ghane Te Diti, Moter Cycle Dangar Sab Vech K Uhh Chdiya Jahaaj Canada

ਜਦੋਂ ਪਿੰਡੋ ਕਾਲਜ ਪੜਨ ਜਾਂਦਾ ਹੋਇਆ ਉਸ ਜੂਹ ਕੋਲੋਂ ਦੀ ਲੰਘਦਾ ਤਾਂ ਅੱਗੇ ਨਾੜਾ ਵਿਚ ਟੀਕੇ ਲਾਉਣ ਵਾਲਿਆਂ ਦੀ ਭੀੜ ਲੱਗੀ ਹੁੰਦੀ !
ਬਾਪ ਨੇ ਬਾਹਰ ਰਹਿੰਦੇ ਭਰਾਵਾਂ ਅੱਗੇ ਤਰਲਾ ਕੀਤਾ ਬੀ ਮਾਹੌਲ ਬੜਾ ਖਰਾਬ ਏ..ਜੇ ਨਸ਼ਿਆਂ ਦੇ ਵਗਦੇ ਦਰਿਆ ਵਿਚੋਂ ਕਿਸੇ ਤਰਾਂ ਸੁਖੀ ਸਾਂਦੀ ਅਗਾਂਹ ਲੰਘ ਵੀ ਗਿਆ ਤਾਂ ਅੱਗੋਂ ਨੌਕਰੀ ਲਈ ਨਾ ਤੇ ਪੈਸੇ ਨੇ ਤੇ ਨਾ ਹੀ ਇੰਟਰਵਿਊ ਲਈ ਸਿਫਾਰਿਸ਼..ਕਿਸੇ ਤਰਾਂ ਬਾਹਰ ਦਾ ਜੁਗਾੜ ਲੱਗ ਜਾਵੇ ਤਾਂ..!

ਅਗਲੇ ਵਿਚੋਂ ਹੀ ਗੱਲ ਟੋਕ ਟਿੱਚਰਾਂ ਕਰਦੇ ਹੋਏ ਅਕਸਰ ਹੀ ਆਖ ਦਿੰਦੇ ਭਾਈ ਇਥੇ ਆ ਕੇ ਕਰੂਗਾ ਕੀ? ਬੜਾ ਔਖਾ ਏ ਅੱਜ ਕੱਲ ਬਾਹਰ ਆਉਣਾ..ਉੱਤੋਂ ਟਿਕਟਾਂ ਤੇ ਫੀਸਾਂ ਲਈ ਥੱਬਾ ਪੈਸਿਆਂ ਦਾ ਕਿਥੋਂ ਲਿਆਵੇਂਗਾ ?

ਗੱਲ ਮੁੰਡੇ ਦੇ ਦਿਲ ਤੇ ਲੱਗ ਗਈ..ਆਖਣ ਲੱਗਾ ਬਾਪੂ ਕਿਸੇ ਤਰਾਂ ਫੀਸ ਤੇ ਟਿਕਟ ਜੋਗੇ ਕਰ ਦੇ ਬਾਕੀ ਜੋ ਹੋਊ ਦੇਖੀ ਜਾਊ ! ਰਹਿੰਦੀ ਖੂੰਹਦੀ ਜਮੀਨ ਗਹਿਣੇ ਪਾ ਦਿੱਤੀ…ਮੋਟਰ ਸਾਈਕਲ ਡੰਗਰ ਵੱਛਾ ਸਭ ਕੁਝ ਵੇਚ ਦਿੱਤਾ ਤੇ ਬਾਕੀ ਦੇ ਥੁੜਦੇ ਹੋਏ ਮੰਗ ਤੰਗ ਕੇ ਕਿਸੇ ਤਰਾਂ ਪੂਰੇ ਕਰ ਦਿੱਤੇ ਤੇ ਮੁੰਡਾ ਫੀਸ ਤੇ ਟਿਕਟ ਜੋਗਾ ਕਰ ਕਨੇਡਾ ਨੂੰ ਤੋਰ ਦਿੱਤਾ

ਜਦੋਂ ਏਅਰਪੋਰਟ ਤੇ ਉਤਰਿਆ ਤਾਂ ਅੱਗੋਂ ਨਾ ਕੋਈ ਜਾਣ ਤੇ ਨਾ ਹੀ ਕੋਈ ਪਹਿਚਾਣ..ਇੱਕ ਟੈਕਸੀ ਵਾਲੇ ਵੀਰ ਨੂੰ ਤਰਲਾ ਮਿੰਤ ਕੀਤਾ ਕੇ ਗੁਰੂ ਘਰ ਪਹੁੰਚਾ ਦੇਵੇ…ਓਥੇ ਕੁਝ ਦਿਨ ਰਹਿਣ ਮਗਰੋਂ ਇੱਕ ਗ੍ਰੰਥੀ ਸਿੰਘ ਨੇ ਕਿਸੇ ਕਲੀਨਿੰਗ ਵਾਲੇ ਨੂੰ ਮਿਲਾ ਦਿੱਤਾ !

ਅਗਲੇ ਦੇ ਮਨ ਮੇਹਰ ਪੈ ਗਈ ਤੇ ਉਸਨੇ ਆਪਣੇ ਨਾਲ ਹੀ ਲੁਆ ਲਿਆ ਤੇ ਰਹਿਣ ਨੂੰ ਆਪਣੀ ਰੈਂਟਲ ਪ੍ਰੋਪਪਰਟੀ ਦਾ ਇੱਕ ਕਮਰਾ ਵੀ ਦੇ ਦਿੱਤਾ !

ਓਥੇ ਵੇਲੇ-ਕੁਵੇਲੇ ਕਲਾਸਾਂ ਮਗਰੋਂ ਸਾਫ ਸਫਾਈ ਦਾ ਕੰਮ ਕਰ ਦਿਆ ਕਰਦਾ ਸੀ ਤੇ ਵੀਕ-ਐਂਡ ਤੇ ਪੀਜੇ ਡਿਲੀਵਰੀ ਚੋਂ ਸਰਫ਼ਾ ਕਰ ਕਰ ਇੱਕ ਸਸਤੀ ਜਿਹੀ ਕਾਰ ਵੀ ਲੈ ਲਈ

ਬੜੇ ਪਾਪੜ ਵੇਲੇ..ਬੜੀ ਥਾਈਂ ਗੱਡੀਆਂ ਵਿਚ ਤੇਲ ਪਾਇਆ ਹੋਰ ਵੀ ਬਥੇਰੀ ਜਗਾ ਧੱਕੇ ਖਾਦੇ..ਕਈਆਂ ਕੰਮ ਕਰਾ ਪੈਸੇ ਵੀ ਮਾਰ ਲਏ ਪਰ ਉਹ ਸਿਰ ਸਿੱਟ ਕੇ ਬੱਸ ਲੱਗਾ ਰਿਹਾ, ਬਿਮਾਰੀ ਵਿਚ ਵੀ ਬੱਸ ਚੱਲ ਸੋ ਚੱਲ..ਗੱਲ ਕਿ ਬਈ ਦਿਨੇ ਰਾਤ ਕਨੇਡੀਅਨ ਬਰਫ਼ਾਂ ਦੀਆਂ ਤਿਲਕਣ-ਬਾਜ਼ੀਆਂ ਤੋਂ ਬਚਦਾ ਬਚਾਉਂਦਾ ਅਗਲਾ ਤਿੰਨਾਂ ਸਾਲਾਂ ਵਿਚ ਪੱਕਾ ਹੋ ਗਿਆ!

ਅੱਜ ਕਾਫੀ ਅਰਸੇ ਮਗਰੋਂ ਫਾਰਮੇਸੀ ਤੇ ਬੱਤੀ ਡਾਲਰ ਘੰਟੇ ਵਾਲੀ ਜੋਬ ਕਰਦੇ ਹੋਏ ਨੂੰ ਜਦੋਂ ਵੀ ਵਿਹਲ ਮਿਲਦੀ ਤਾਂ ਏਅਰਪੋਰਟ ਤੇ ਮਿਲੇ ਟੈਕਸੀ ਵਾਲੇ ਵੀਰ ਅਤੇ ਗੁਰੂ ਘਰ ਭੁੱਖੇ ਢਿਡ੍ਹ ਤਲੀ ਤੇ ਪਹਿਲਾ ਪ੍ਰਸ਼ਾਦਾ ਰੱਖਣ ਵਾਲੇ ਬਾਬਾ ਜੀ ਦਾ ਸ਼ੁਕਰਾਨਾ ਕਰਨਾ ਕਦੀ ਨਹੀਂ ਭੁੱਲਦਾ !
ਓਧਰ ਜਿਹੜੇ ਕਿਸੇ ਵੇਲੇ ਬਾਹਰ ਦੇ ਨਾਮ ਤੇ ਟਿਚਕਰਾਂ ਵਾਲਾ ਮੀਂਹ ਵਰਾਇਆ ਕਰਦੇ ਸਨ ਅੱਜ ਓਹਨਾ ਨੇ ਹੀ ਮੁੰਡੇ ਲਈ ਰਿਸ਼ਤਿਆਂ ਤੇ ਸਾਕਾਂ ਵਾਲੀਆਂ ਆਫਰਾਂ ਦੇ ਦੇ ਕਚੇ ਘਰ ਦੀਆਂ ਡਿਓੜ੍ਹੀਆਂ ਘਸਾ ਛੱਡੀਆਂ !

ਕਿਸੇ ਠੀਕ ਹੀ ਆਖਿਆ ਬੀ ਮੰਜਿਲਾਂ ਨੂੰ ਲੱਗੀਆਂ ਲਗਾਈਆਂ ਪੌੜੀਆਂ ਕਦੀ ਨਹੀਂ ਮਿਲਦੀਆਂ ਸਗੋਂ ਹੌਂਸਲਿਆਂ ਨੂੰ ਹੀ ਖੰਬ ਖਿਲਾਰ ਉਡਾਣ ਭਰਨੀ ਪੈਂਦੀ ਏ !

(As told by someone)

ਹਰਪ੍ਰੀਤ ਸਿੰਘ ਜਵੰਦਾ

LEAVE A REPLY

Please enter your comment!
Please enter your name here