ਗਾਇਕ ਮਨਕੀਰਤ ਔਲਖ ਦੇ ਪਿਤਾ ਦੀ ਜ਼ਮੀਨ ਹੋਵੇਗੀ ਨੀਲਾਮ

ਫਤਿਹਾਬਾਦ— ਅਦਾਲਤ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਪਿਤਾ ਨਿਸ਼ਾਨ ਸਿੰਘ ਦੀ ਜ਼ਮੀਨ ਦੀ ਨੀਲਾਮੀ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਹੁਕਮ ਅਨਾਜ ਮੰਡੀ ਦੀ ਫਰਮ ਆਜ਼ਾਦ ਕੁਮਾਰ-ਅਸ਼ੀਸ਼ ਕੁਮਾਰ ਵੱਲੋਂ ਦਾਇਰ ਰਿਕਵਰੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਤੇ ਹਨ। ਅਦਾਲਤ ਪਹਿਲਾਂ ਵੀ ਇਸ ਮਾਮਲੇ ‘ਚ ਦੋ ਵਾਰ ਨਿਸ਼ਾਨ ਸਿੰਘ ਦੀ ਜ਼ਮੀਨ ਦੀ ਨੀਲਾਮੀ ਦੇ ਹੁਕਮ ਦੇ ਚੁੱਕੀ ਹੈ ਪਰ ਇਹ ਨੀਲਾਮੀ ਉਨ੍ਹਾਂ ਦੇ ਪਿੰਡ ਬਹਾਬਲਪੁਰ ‘ਚ ਹੀ ਹੋਣ ਕਾਰਨ ਕੋਈ ਵੀ ਵਿਅਕਤੀ ਇਸ ‘ਚ ਹਿੱਸਾ ਨਹੀਂ ਲੈ ਰਿਹਾ ਸੀ। ਇਸ ਵਾਰ ਨੀਲਾਮੀ ਹਰਿਆਣੇ ਸੂਬੇ ਦੇ ਫਤਿਹਾਬਾਦ ਜ਼ਿਲੇ ‘ਚ ਕੀਤੀ ਜਾਵੇਗੀ। ਫਰਮ ਨੇ ਨਿਸ਼ਾਨ ਸਿੰਘ ਤੋਂ ਵਿਆਜ ਸਮੇਤ 9 ਲੱਖ ਰੁਪਏ ਲੈਣੇ ਹਨ।
ਕੇਸ ਮੁਤਾਬਕ ਅਨਾਜ ਮੰਡੀ ਦੀ ਫਰਮ ਮੈਸਰਜ ਆਜ਼ਾਦ ਕੁਮਾਰ-ਆਸ਼ੀਸ਼ ਕੁਮਾਰ ਦੇ ਕੋਲ ਮਨਕੀਰਤ ਦੇ ਪਿਤਾ ਨਿਸ਼ਾਨ ਸਿੰਘ ਦੀ ਆੜ੍ਹਤ ਸੀ। ਦੋਸ਼ ਹੈ ਕਿ ਨਿਸ਼ਾਨ ਸਿੰਘ ਨੇ ਫਰਮ ਦੇ ਅਡਵਾਂਸ ਰੁਪਏ ਲਏ ਸਨ ਪਰ ਆਪਣਾ ਅਨਾਜ ਫਰਮ ਨੂੰ ਨਹੀਂ ਦਿੱਤਾ ਸੀ। ਇਸ ‘ਤੇ ਫਰਮ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕਰ ਦਿੱਤੀ। ਅਦਾਲਤ ਨੇ ਇਸ ਵਿਵਾਦ ਨਾਲ ਨਜਿੱਠਣ ਲਈ ਇਕ ਕਮੇਟੀ ਦਾ ਗਠਨ ਕੀਤਾ ਅਤੇ ਰਿਪੋਰਟ ਅਦਾਲਤ ਨੂੰ ਸੌਂਪਣ ਦੇ ਹੁਕਮ ਦਿੱਤੇ ਸਨ। ਕਮੇਟੀ ਨੇ ਜਾਂਚ ‘ਚ ਪਾਇਆ ਸੀ ਕਿ ਨਿਸ਼ਾਨ ਸਿੰਘ ਨੇ ਫਰਮ ਨੂੰ 6 ਲੱਖ ਰੁਪਏ ਦੇਣੇ ਹਨ। ਨਿਸ਼ਾਨ ਸਿੰਘ ਨੇ ਵੀ ਅਦਾਲਤ ‘ਚ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਰੁਪਏ ਵਾਪਸ ਕਰਨ ਦੀ ਹਾਮੀ ਭਰ ਦਿੱਤੀ ਸੀ ਪਰ ਵਾਪਸ ਨਹੀਂ ਕੀਤੇ ਸਨ। ਇਸ ‘ਤੇ ਫਰਮ ਨੇ ਅਦਾਲਤ ‘ਚ ਰਿਕਵਰੀ ਸੂਟ ਪਾ ਦਿੱਤਾ ਪਰ ਨਿਸ਼ਾਨ ਸਿੰਘ ਅਦਾਲਤ ‘ਚ ਪੇਸ਼ ਨਹੀਂ ਹੋਇਆ।
ਇਸ ‘ਤੇ ਅਦਾਲਤ ਨੇ ਨਿਸ਼ਾਨ ਸਿੰਘ ਦੀ ਜ਼ਮੀਨ ਨੂੰ ਜੋੜਨ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਇਸ ਤੋਂ ਪਹਿਲਾਂ 6 ਦਸੰਬਰ ਅਤੇ 12 ਫਰਵਰੀ ਨੂੰ ਜ਼ਮੀਨ ਨੀਲਾਮ ਕਰਨ ਦੇ ਹੁਕਮ ਦਿੱਤੇ ਸਨ ਪਰ ਕੋਈ ਖਰੀਦਦਾਰ ਮੌਕੇ ‘ਤੇ ਨਹੀਂ ਪੁੱਜਾ ਸੀ। ਹੁਣ ਨਵੇਂ ਹੁਕਮਾਂ ‘ਚ ਅਦਾਲਤ ਨੇ ਕਿਹਾ ਕਿ 25 ਮਈ ਨੂੰ ਨਿਸ਼ਾਨ ਸਿੰਘ ਨੂੰ ਨੀਲਾਮੀ ਦਾ ਨੋਟਿਸ ਭੇਜਿਆ ਜਾਵੇ। 21 ਜੂਨ ਨੂੰ ਤਹਿਸੀਲ ਦਫਤਰ ਨੂੰ ਇਸ ਦੀ ਰਿਪੋਰਟ ਅਦਾਲਤ ‘ਚ ਪੇਸ਼ ਕਰਨੀ ਪਵੇਗੀ।

LEAVE A REPLY