Punjab Di Google Bebe....!

ਮਾਤਾ ਜੀ ਚਾਰ ਜਮਾਤਾਂ ਪਾਸ ਪਰ ਲੋਕੀਂ ਕਹਿੰਦੇ ਨੇ ‘ਗੂਗਲ ਬੇਬੇ’, ਇਹ ਇਤਿਹਾਸ ਬਾਰੇ ਰੱਖਦੇ ਨੇ ਡੂੰਘੀ ਜਾਣਕਾਰੀ…

ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਨੈਲਾ ਦੀ ਰਹਿਣ ਵਾਲੀ ਕਰੀਬ 50 ਸਾਲਾ ਬਜ਼ੁਰਗ ਮਹਿਲਾ ਕੁਲਵੰਤ ਕੌਰ ਨੂੰ ਸਿੱਖ ਤੇ ਹੋਰ ਧਾਰਮਿਕ ਇਤਿਹਾਸ ਦੇ ਨਾਲ ਨਾਲ ਉਨ੍ਹਾਂ ਸੂਰਵੀਰ ਯੋਧਿਆਂ ਦੇ ਨਾਮ ਤੇ ਇਤਿਹਾਸ ਦੀ ਵੀ ਜਾਣਕਾਰੀ ਹੈ, ਜਿਨ੍ਹਾਂ ਬਾਰੇ ਕਿਸੇ ਨੇ ਹਾਲੇ ਤੱਕ ਸੁਣਿਆ ਹੀ ਨਹੀਂ ਅਤੇ ਉਨ੍ਹਾਂ ਦੇ ਨਾਮ ਤੱਕ ਹੀ ਨਹੀਂ ਜਾਣਦੇ। ਮਹਿਜ ਚਾਰ ਕਲਾਸਾਂ ਪਾਸ ਕੁਲਵੰਤ ਕੌਰ ਦਾ ਜਨਮ ਆਗਰਾ ਵਿਖੇ ਹੋਇਆ ਸੀ ਜੋ ਬਾਅਦ ਵਿਚ ਪਿੰਡ ਮਨੈਲਾ ਰਹਿਣ ਲੱਗੇ। ਉਹ ਇੱਕ ਘਰੇਲੂ ਮਹਿਲਾ ਹਨ ਜਿਨ੍ਹਾਂ ਦੇ ਗਿਆਨ ਨੂੰ ਦੇਖਦੇ ਹੋਏ ਕਈ ਸਮਾਜ ਸੇਵੀ ਸੰਗਠਨਾਂ ਤੇ ਸੰਸਥਾਵਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਖੇੜੀ ਨੋਧ ਸਿੰਘ ਦੇ ਦਵਿੰਦਰ ਆਹੂਜਾ ਕਾਨਵੈਂਟ ਸਕੂਲ ਵਿਚ ਦਿਸ਼ਾ ਵੈਲਫ਼ੇਅਰ ਟਰੱਸਟ ਵਲੋਂ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਕੁਲਵੰਤ ਕੌਰ ਵਲੋਂ ਬੱਚਿਆਂ ਵਲੋਂ ਪੁੱਛੇ ਗਏ ਸਵਾਲਾਂ ਦਾ ਬੜੀ ਅਸਾਨੀ ਨਾਲ ਜਵਾਬ ਦਿੱਤਾ ਗਿਆ। ਇਸ ਮੌਕੇ ਕੁਲਵੰਤ ਕੌਰ ਨੇ ਕਿਹਾ ਕਿ ਜਦੋਂ ਉਹ ਛੋਟੇ ਹੁੰਦੇ ਸੀ ਤਾਂ ਉਨ੍ਹਾਂ ਦੇ ਪਿਤਾ, ਮਾਤਾ, ਤਾਏ, ਚਾਚੇ ਤੇ ਹੋਰ ਬਜ਼ੁਰਗ ਰਿਸ਼ਤੇਦਾਰ ਸਿੱਖ ਇਤਿਹਾਸ ਦੀਆਂ, ਰਾਮ ਚੰਦਰ ਦੇ ਜਮਾਨੇ ਦੀਆਂ, ਜਾਂ ਉਸ ਤੋਂ ਪਹਿਲਾਂ ਦੇ ਸਮੇਂ ਦੀਆਂ, ਰਾਜਿਆਂ ਦੀਆਂ, ਸਮਰਾਟ ਅਸ਼ੋਕ, ਪ੍ਰਿਥਵੀ ਰਾਜ ਚੌਹਾਨ ਤੇ ਹੋਰ ਸੂਰਵੀਰਾਂ ਦੀਆਂ ਗਿਆਨ ਦੀਆਂ ਗੱਲਾਂ ਕਰਦੇ ਹੁੰਦੇ ਸੀ। ਉਦੋਂ ਤੋਂ ਹੀ ਉਨ੍ਹਾਂ ਨੇ ਮਨ ਵਿਚ ਧਾਰਨ ਕਰ ਲਿਆ ਕਿ ਉਹ ਹੋਰ ਇਤਿਹਾਸ ਦੀ ਜਾਣਕਾਰੀ ਵੀ ਹਾਸਲ ਕਰਨਗੇ। ਪਰ ਉਹ ਚਾਰ ਜਮਾਤਾਂ ਹੀ ਪੜ੍ਹੀਆਂ ਹਨ, ਪਰ ਗਿਆਨ ਹਾਸਲ ਕਰਨ ਲਈ ਉਹ ਪੁਰਾਣੀਆਂ ਕਿਤਾਬਾਂ, ਪੁਰਾਣੇ ਅਖ਼ਬਾਰ, ਪੁਰਾਣੇ ਇਤਿਹਾਸਕ ਗ੍ਰੰਥ, ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਕਰਤਾਰ ਸਿੰਘ ਸਰਾਭਾ ਤੇ ਹੋਰ ਵੀ ਮਹਾਨ ਯੋਧਿਆਂ ਦੀਆਂ ਇਤਿਹਾਸਕ ਕਿਤਾਬਾਂ ਜਾਂ ਧਾਰਮਿਕ ਕਿਤਾਬਾਂ ਪੜ੍ਹ ਕੇ ਜਾਣਕਾਰੀ ਹਾਸਲ ਕੀਤੀ।

ਇਸ ਦੇ ਬਾਵਜੂਦ ਉਹ ਸਮਝਦੇ ਹਨ ਹਾਲੇ ਵੀ ਉਨ੍ਹਾਂ ਦੀ ਜਾਣਕਾਰੀ ਅਧੂਰੀ ਹੈ, ਕਿਉਂ ਕਿ ਹਿੰਦੁਸਤਾਨ ਤੇ ਪੰਜਾਬ ਦਾ ਬਹੁਤ ਇਤਿਹਾਸ ਅਜਿਹਾ ਹੈ ਜਿਸ ਦੀ ਜਾਣਕਾਰੀ ਆਮ ਲੋਕਾਂ ਨੂੰ ਨਹੀਂ ਹੈ। ਉਨ੍ਹਾਂ ਕਿਹਾ ਕਿ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਦੋਂ ਜਨਮ ਦਿਹਾੜਾ ਮਨਾਇਆ ਗਿਆ ਸੀ ਤਾਂ ਉੱਥੇ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦਿਸ਼ਾ ਵੈਲਫ਼ੇਅਰ ਸੰਸਥਾ ਵਲੋਂ ਵੀ ਸਨਮਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਓਬਰਾਏ ਸਾਹਿਬ ਵਲੋਂ ਉਨ੍ਹਾਂ ਨੂੰ ਬਹੁਤ ਸਹਿਯੋਗ ਦਿੱਤਾ ਗਿਆ ਜਿਨ੍ਹਾਂ ਦੇ ਉਹ ਬਹੁਤ ਰਿਣੀ ਹਨ।

ਉਨ੍ਹਾਂ ਕਿਹਾ ਕਿ ਜੋ ਸਿੰਘ ਸੂਰਮਿਆਂ ਦੇ ਨਾਮ ਲੋਕਾਂ ਨਹੀਂ ਪਤਾ ਉਨ੍ਹਾਂ ਬਾਰੇ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਜਿਨ੍ਹਾਂ ਵਿਚ ਸਰਦਾਰ ਥਰਾਜ ਸਿੰਘ, ਭਾਈ ਹਾਥੂ ਸਿੰਘ, ਭਾਈ ਬਾਗੜ ਸਿੰਘ, ਭਾਈ ਪਹਾੜਾ ਸਿੰਘ, ਭਾਈ ਬਲਾਕਾ ਸਿੰਘ, ਭਾਈ ਭੂਮਾ ਸਿੰਘ, ਭਾਈ ਅਮਰ ਸਿੰਘ ਤੇ ਹੋਰ ਵੀ ਬਹੁਤ ਅਣਗਿਣਤ ਸੂਰਮੇ ਹਨ ਜਿਨ੍ਹਾਂ ਦੇ ਨਾਮ ਤੱਕ ਲੋਕਾਂ ਨੂੰ ਨਹੀਂ ਪਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਆਪਣੇ ਇਤਿਹਾਸ ਤੇ ਸਿੰਘ ਸੂਰਮਿਆਂ ਦੀ ਜਾਣਕਾਰੀ ਵੀ ਹਾਸਲ ਕਰਨ ਤਾਂ ਜੋ ਅੱਗੇ ਉਹ ਵੀ ਆਪਣਾ ਗਿਆਨ ਵੰਡ ਸਕਣ।

ਇਸ ਮੌਕੇ ਬਰਿੰਦਰਪਾਲ ਸਿੰਘ ਵਿੰਕੀ ਤੇ ਪ੍ਰਦੀਪ ਸਿੰਘ ਨੇ ਕਿਹਾ ਕਿ ਅੱਜ ਖੇੜੀ ਨੋਧ ਸਿੰਘ ਵਿਖੇ ਗੂਗਲ ਬੇਬੇ ਦੇ ਨਾਮ ਤੋਂ ਮਸ਼ਹੂਰ ਕੁਲਵੰਤ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਹ ਇਹ ਦੇਖ ਕੇ ਹੈਰਾਨ ਹਨ ਕਿ ਬੱਚੇ ਆਪਣੇ ਇਤਿਹਾਸ ਬਾਰੇ ਜੋ ਵੀ ਸਵਾਲ ਪੁੱਛ ਰਹੇ ਹਨ, ਉਸਦੇ ਸਹੀ ਜਵਾਬ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਚਾਰ ਕਲਾਸਾਂ ਪਾਸ ਗੂਗਲ ਬੇਬੇ ਕੋਲ ਗਿਆਨ ਦਾ ਇੰਨ੍ਹਾਂ ਭੰਡਾਰ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ।

 

ਪਰ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਸ੍ਰੋਮਣੀ ਕਮੇਟੀ ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਲਈ ਇਨ੍ਹਾਂ ਨੂੰ ਬਿਲਕੁੱਲ ਵੀ ਨਹੀਂ ਪੁੱਛ ਰਹੀ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਵਿਦਵਾਨਾਂ ਦੀ ਬਹੁਤ ਲੋੜ ਹੈ ਜੋ ਸਕੂਲਾਂ ‘ਚ, ਪਿੰਡਾਂ ਵਿਚ ਜਾਂ ਸੈਮੀਨਾਰਾਂ ਵਿਚ ਜਾ ਕੇ ਆਪਣਾ ਗਿਆਨ ਵੰਡ ਸਕਣ ਕਿਉਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਹੀ ਨਹੀਂ ਹੈ ਅਤੇ ਇਸ ਬਾਰੇ ਜਾਗਰੂਕ ਕਰਨ ਦਾ ਕੰਮ ਸ੍ਰੋਮਣੀ ਕਮੇਟੀ ਦਾ ਹੈ। ਸੋ ਉਹ ਸ੍ਰੋਮਣੀ ਕਮੇਟੀ ਤੋਂ ਬੇਨਤੀ ਕਰਦੇ ਹਨ ਕਿ ਉਹ ਗੋਲਕਾਂ ਵਿਚੋਂ ਮਾਇਆ ਇਕੱਠੀ ਕਰਨ ਦੀ ਬਜਾਏ ਅਜਿਹੇ ਵਿਦਵਾਨਾਂ ਨੂੰ ਨਾਲ ਲੈ ਕੇ ਸਿੱਖ ਇਤਿਹਾਸ ਦਾ ਪ੍ਰਚਾਰ ਕਰਨ ।

ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਨੇ ਕਿਹਾ ਕਿ ਅੱਜ ਗੂਗਲ ਬੇਬੇ ਦਵਿੰਦਰ ਆਹੂਜਾ ਕਾਨਵੈਂਟ ਸਕੂਲ ਖੇੜੀ ਨੋਧ ਸਿੰਘ ਵਿਚ ਆਏ ਹਨ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ, ਜਿਸ ਦੇ ਲਈ ਉਹ ਧੰਨਵਾਦ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਬੀਬੀ ਗਿਆਨ ਦਾ ਭੰਡਾਰ ਹਨ ਪਰ ਸ੍ਰੋਮਣੀ ਕਮੇਟੀ ਨੇ ਉਨ੍ਹਾਂ ਦੇ ਲਈ ਕੁਝ ਵੀ ਨਹੀਂ ਕੀਤਾ ਪਰ ਸਮਾਜ ਸੇਵਕ ਐਸ.ਪੀ.ਐਸ. ਓਬਰਾਏ ਨੇ ਇਨ੍ਹਾਂ ਦਾ ਦਾਖਲਾ ਯੂਨੀਵਰਸਿਟੀ ਵਿਚ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਦਵਾਨ ਸਾਡੇ ਸਮਾਜ ਲਈ ਚਾਨਣ ਮੁਨਾਰਾ ਹਨ।

ਇਸ ਮੌਕੇ ਦਿਸ਼ਾ ਵੈਲਫ਼ੇਅਰ ਟਰੱਸਟ ਦੇ ਅਹੁਦੇਦਾਰ ਹਰਦੀਪ ਕੌਰ ਵਿਰਕ ਨੇ ਕਿਹਾ ਕਿ ਉਹ ਗੂਗਲ ਬੇਬੇ ਦੇ ਗਿਆਨ ਨੂੰ ਸਲਾਮ ਕਰਦੇ ਹਨ ਜਿਨ੍ਹਾਂ ਨੇ ਆਪਣੇ ਅੰਦਰ ਇਤਿਹਾਸ ਦਾ ਭੰਡਾਰ ਰੱਖਿਆ ਹੋਇਆ ਹੈ ਜੋ ਕਿ ਹਰ ਇਨਸਾਨ ਲਈ ਮੂਮਕਿਨ ਨਹੀਂ ਹੈ। ਇਸ ਤੋਂ ਇਲਾਵਾ ਉਹ ਸਮਾਜ ਸੇਵਕ ਐਸ.ਪੀ.ਐਸ. ਓਬਰਾਏ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਗੂਗਲ ਬੇਬੇ ਦੀ ਪੈਨਸ਼ਨ ਲਗਵਾਈ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਚਾਰ ਕਲਾਸਾਂ ਹੀ ਪੜ੍ਹੀਆਂ ਪਰ ਅੱਜ ਉਹ ਖੁਦ ਕਲਾਸਾਂ ਵਿਚ ਜਾ ਕੇ ਪੜ੍ਹਾ ਰਹੇ  ਹਨ ਜਿਨ੍ਹਾਂ ਤੇ ਪਰਮਾਤਮਾ ਦੀ ਬੜੀ ਮਿਹਰ ਹੈ।

ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਉਨ੍ਹਾਂ ਨੂੰ ਬੀਬੀ ਬਾਰੇ ਪਤਾ ਲੱਗਿਆ ਸੀ ਜਿਨ੍ਹਾਂ ਨੂੰ ਜਦੋਂ ਫੋਨ ਕਰਕੇ ਕੁਝ ਸਵਾਲ ਪੁੱਛੇ ਤਾਂ ਉਨ੍ਹਾਂ ਹਰ ਸਵਾਲ ਦਾ ਸਹੀ ਜਵਾਬ ਦਿੱਤਾ। ਜਦੋਂ ਪਹਿਲੀ ਵਾਰ ਦਿਸ਼ਾ ਇੰਡੀਅਨ ਅਵਾਰਡ ਕਰਵਾਇਆ ਗਿਆ ਤਾਂ ਮਾਤਾ ਜੀ ਕੋਲੋਂ ਜੋ ਵੀ ਸਵਾਲ ਪੁੱਛੇ ਗਏ ਉਨ੍ਹਾਂ ਸਾਰਿਆਂ ਦੇ ਸਹੀ ਜਵਾਬ ਦਿੱਤੇ ਗਏ ਜਿਨ੍ਹਾਂ ਨੂੰ ਸੰਸਥਾ ਵਲੋਂ ਦਿਸ਼ਾ ਇੰਡੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ 18 ਮਈ ਨੂੰ ਖਰੜ ਦੇ ਇੱਕ ਕਾਲਜ ਵਿਚ ਵੀ ਇਤਿਹਾਸ ਨਾਲ ਸਬੰਧਿਤ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਡਿਗਰੀਆਂ ਕਰ ਚੁੱਕੇ, ਬੀ.ਟੈਕ, ਐਮ.ਟੈਕ.,ਬੀ.ਏ. ਐਮ.ਏ. ਦੇ ਵਿਦਿਆਰਥੀ ਮਾਤਾ ਜੀ ਤੋਂ ਸਵਾਲ ਕਰਨਗੇ।

LEAVE A REPLY

Please enter your comment!
Please enter your name here