ਮੋਹਾਲੀ: ਗੈਂਗਸਟਰ ਰਾਹੁਲ ਖੱਟਾ ਗਰੁੱਪ ਦੇ ਮੈਂਬਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ

ਮੋਹਾਲੀ ਵਿਖੇ ਡੇਰਾਬੱਸੀ ਇਲਾਕੇ ‘ਚ ਗੈਂਗਸਟਰ ਰਾਹੁਲ ਖੱਟਾ ਗੁਰੱਪ ਦੇ ਇਕ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਜ਼ਿਲੇ ਦਾ ਡੇਰਾਬੱਸੀ ਇਲਾਕਾ ਗੈਂਗਸਟਰਾਂ ਦੀਆਂ ਗਤੀਵਿਧੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਇਲਾਕੇ ‘ਚ ਗੈਂਗਸਟਰਾਂ ਵੱਲੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ। ਇਸੇ ਸਿਲਸਿਲੇ ‘ਚ ਅੱਜ ਡੇਰਾਬੱਸੀ-ਸਮਗੌਲੀ ਰੋਡ ‘ਤੇ ਪੈਂਦੇ ਜੰਗਲ ‘ਚੋਂ 25 ਸਾਲ ਦੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਨੌਜਵਾਨ ਨੂੰ ਸਿਰ, ਛਾਤੀ ਅਤੇ ਗਰਦਨ ‘ਚ 5 ਗੋਲੀਆਂ ਮਾਰੀਆਂ ਗਈਆਂ ਸਨ ਅਤੇ ਹੱਥ ਬੰਨ੍ਹੇ ਹੋਏ ਸਨ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਵਿਵੇਕ ਰਾਣਾ ਵਾਸੀ ਯੂ. ਪੀ. ਦੇ ਸ਼ਾਮਲੀ ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਗੈਂਗਸਟਰ ਰਾਹੁਲ ਖੱਟਾ ਗਰੁੱਪ (ਆਰ. ਕੇ.) ਦਾ ਮੈਂਬਰ ਸੀ। ਪਿੰਡ ਦੇ ਸਰਪੰਚ ਅਨਿਲ ਰਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਜੰਗਲ ‘ਚ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਥੇ ਜਾ ਕੇ ਦੇਖਿਆ ਕਿ ਇਕ ਨੌਜਵਾਨ ‘ਤੇ ਗੋਲੀਆਂ ਲੱਗੀਆਂ ਹੋਈਆਂ ਸਨ, ਜਿਸ ਦੀ ਸੂਚਨਾ ਬਾਅਦ ‘ਚ ਪੁਲਸ ਨੂੰ ਦਿੱਤੀ ਗਈ।

PunjabKesari
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾਬੱਸੀ ਪੁਲਸ, ਸੀ. ਆਈ. ਏ. ਸਟਾਫ ਮੋਹਾਲੀ, ਏ. ਐੱਸ. ਪੀ. ਡੇਰਾ ਬੱਸੀ, ਐੱਸ. ਪੀ. ਡੀ. ਸਮੇਤ ਆਲਾ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ। ਕਈ ਘੰਟਿਆਂ ਦੀ ਤਹਿਕੀਕਾਤ ਤੋਂ ਬਾਅਦ ਮਾਮਲਾ ਸਾਫ ਹੋਣ ‘ਤੇ ਪੁਲਸ ਇਸ ਘਟਨਾ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰਦੀ ਰਹੀ।
ਉਥੇ ਹੀ ਮੀਡੀਆ ਨੇ ਜਦੋਂ ਏ. ਐੱਸ. ਪੀ. ਡੇਰਾਬੱਸੀ ਹਰਮਨ ਹੰਸ ਤੋਂ ਇਸ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਮੀਡੀਆ ਦੇ ਕੈਮਰਿਆਂ ਤੋਂ ਭੱਜਦੇ ਨਜ਼ਰ ਆਏ। ਪੁਲਸ ਵੱਲੋਂ ਗੈਂਗਵਾਰ ‘ਚ ਇਸ ਨੌਜਵਾਨ ਦਾ ਕਤਲ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਅਤੇ ਡੇਰਾ ਬੱਸੀ ਇਲਾਕੇ ‘ਚ ਸਰਗਰਮ ਭੂਪੀ ਰਾਣਾ ਗਰੁੱਪ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY